ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਅਤੇ ਉਨ੍ਹਾਂ ਦੀ ਅਧਿਕਾਰੀਆਂ ਦੀ ਟੀਮ ਨੂੰ ਅਮਰੀਕਾ ਯਾਤਰਾ ਲਈ ਰਾਜਨੀਤਿਕ ਕਲੀਅਰੈਂਸ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਪਹਿਲੀ ਵਾਰ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਕਿਸੇ ਮੰਤਰੀ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਮਿਲੀ। ਪਿਛਲੇ ਸਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ ਓਲੰਪਿਕ ਵਿੱਚ ਸ਼ਿਰਕਤ ਕਰਨ ਲਈ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। 2022 ਵਿੱਚ ਮੰਤਰੀ ਅਮਨ ਅਰੋੜਾ ਨੂੰ ਵੀ ਜਰਮਨੀ ਅਤੇ ਬੈਲਜੀਅਮ ਜਾਣ ਲਈ ਰਾਜਨੀਤਿਕ ਕਲੀਅਰੈਂਸ ਨਹੀਂ ਮਿਲੀ ਸੀ।
ਮੰਤਰੀ ਖੁਡੀਆਂ ਦੇ ਨਾਲ ਪਸ਼ੂ ਪਾਲਣ ਵਿਭਾਗ ਦੇ ਪ੍ਰਿੰਸਿਪਲ ਸਕੱਤਰ ਰਾਹੁਲ ਭੰਡਾਰੀ ਅਤੇ ਡਾਇਰੈਕਟਰ ਡਾ. ਜੀ.ਐਸ. ਬੇਦੀ ਵੀ ਇਸ ਦੌਰੇ ਦਾ ਹਿੱਸਾ ਹੋਣੇ ਸਨ। ਇਹ ਟੀਮ 29 ਮਾਰਚ ਤੋਂ 6 ਅਪ੍ਰੈਲ ਤੱਕ ਵਿਸਕਾਂਸਿਨ (ਅਮਰੀਕਾ) ਵਿੱਚ ਸਥਿਤ ਏ.ਬੀ.ਐਸ. ਗਲੋਬਲ ਦੀ ਲੈਬੋਰੇਟਰੀ ਦਾ ਦੌਰਾ ਕਰਨੀ ਸੀ, ਤਾਂ ਜੋ ਹੋਲਸਟਿਨ ਫ੍ਰੀਜ਼ੀਅਨ (HF) ਨਸਲ ਦੀਆਂ ਗਾਂਵਾਂ ਲਈ ਸੈਕਸਡ ਸੀਮਨ ਖਰੀਦਣ ਦੀ ਡੀਲ ਫਾਈਨਲ ਕੀਤੀ ਜਾ ਸਕੇ।
ਸਰਕਾਰੀ ਸਰੋਤਾਂ ਨੇ ਪੁਸ਼ਟੀ ਕੀਤੀ ਕਿ ਵਿਦੇਸ਼ ਮੰਤਰਾਲੇ ਵੱਲੋਂ ਕਲੀਅਰੈਂਸ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇਸ ਯਾਤਰਾ ਲਈ ਇਜਾਜ਼ਤ ਮੰਗਣ ਵਾਲਾ ਪੱਤਰ ਇਸ ਮਹੀਨੇ ਦੇ ਆਰੰਭ ਵਿੱਚ ਭੇਜਿਆ ਗਿਆ ਸੀ। ਇੱਕ ਹਫ਼ਤੇ ਬਾਅਦ ਵਿਦੇਸ਼ ਮੰਤਰਾਲੇ ਵੱਲੋਂ ਜਵਾਬ ਆਇਆ ਕਿ “ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।” ਇਸ ਦੌਰੇ ਦਾ ਸਾਰਾ ਖਰਚਾ ਪੰਜਾਬ ਲਿਵਸਟਾਕ ਡਿਵੈਲਪਮੈਂਟ ਬੋਰਡ ਵੱਲੋਂ ਭਰਨਾ ਸੀ।
“ਪੰਜਾਬ ਸਰਕਾਰ ਏ.ਬੀ.ਐਸ. ਗਲੋਬਲ ਨਾਲ HF ਨਸਲ ਦੀਆਂ ਗਾਂਵਾਂ ਲਈ ਸੈਕਸਡ ਸੀਮਨ ਲੈਣ ਲਈ ਗੱਲਬਾਤ ਕਰ ਰਹੀ ਹੈ। ਜ਼ਿਆਦਾਤਰ ਡੇਅਰੀ ਕਿਸਾਨ ਗਿਰ ਜਾਂ ਸਾਹੀਵਾਲ ਦੇ ਮੁਕਾਬਲੇ HF ਗਾਂਵਾਂ ਨੂੰ ਤਰਜੀਹ ਦਿੰਦੇ ਹਨ, ਕਿਉਂਕਿ ਇਹ ਗਾਂਵਾਂ ਦਿਨ ਵਿੱਚ 81 ਲੀਟਰ ਤੱਕ ਦੁੱਧ ਦੇ ਸਕਦੀਆਂ ਹਨ,” ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ।